40-45 ਸਾਲ ਪਹਿਲਾਂ ਦੀ ਗੱਲ ਹੈ, ਮੈਂ ਜਦੋਂ ਪਿੰਡ ਦੇ ਮਿਡਲ ਸਕੂਲ ਵਿਚ ਪੜ੍ਹਦਾ ਸੀ ਤਾਂ ਸਾਡੇ ਸਾਇੰਸ ਦੇ ਟੀਚਰ ਮੈਡਮ ਬਦਲ ਕੇ ਆਏ। ਨੌਜਵਾਨ ਅਤੇ ਆਕਰਸ਼ਕ ਸ਼ਖਸੀਅਤ ਦੇ ਸਨ। ਮੈਨੂੰ ਖਿਆਲ ਆ ਰਿਹਾ ਹੈ ਕਿ ਪਹਿਲੇ ਦਿਨ ਜਦੋਂ ਉਨ੍ਹਾਂ ਜੌਇਨ ਕੀਤਾ ਤਾਂ ਉਨ੍ਹਾਂ ਦੇ ਬਜ਼ੁਰਗ ਪਿਤਾ ਜੀ ਵੀ ਉਨ੍ਹਾਂ ਦੇ ਨਾਲ ਆਏੇ ਸਨ । ਸਾਰਾ ਦਿਨ ਸਕੂਲ ਵਿਚ ਹੀ ਰਹੇ, ਕਦੇ ਹੈਡਮਾਸਟਰ ਕੋਲ ਬੈਠੇ ਤੇ ਕਦੇ ਏਧਰ ਓਧਰ ਤੁਰਦੇ ਫਿਰਦੇ। ਪੂਰਾ ਦਿਨ ਲਾਉਣ ਤੋਂ ਬਾਅਦ ਉਹ ਮੈਡਮ ਦੇ ਨਾਲ ਹੀ ਵਾਪਿਸ ਗਏ।
ਇਹ ਉਹ ਸਮਾਂ ਸੀ ਜਦੋਂ ਕੁੜੀਆਂ ਨੂੰ ਨੌਕਰੀ ਕਰਨ ਲੱਗਿਆਂ ਇਸ ਤਰ੍ਹਾਂ ਦੇ ਮਸਲੇ ਕਿ ਇਕੱਲੀ ਜਾਏਗੀ, ਵੱਡੀ ਗੱਲ ਹੁੰਦੀ ਸੀ।
ਤੇ ਅੱਜ ਦਾ ਦੌਰ ਇਹ ਹੈ ਕਿ ਟੀਚਰਾਂ ਹੀ ਨਹੀਂ, ਹੁਣ ਇਨ੍ਹਾਂ ਹੀ ਸੜਕਾਂ ਦੇ ਉੱਤੇ ਬੀਡੀਓ ਦੇ ਦਫਤਰ ਦਾ ਸਟਾਫ, ਬੈਂਕਾਂ ਦਾ- ਤਹਿਸੀਲ ਦੇ ਵਿਚ ਵੀ ਕੁੜੀਆਂ ਕੰਮ ਕਰਦੀਆਂ ਹਨ,- ਅਤੇ ਉਹ ਆਪਣੀਆਂ ਸਕੂਟੀਆਂ, ਸਕੂਟਰਾਂ ਤੇ ਕਾਰਾਂ ‘ਤੇ ਆਮ ਆਉਂਦੀਆਂ ਜਾਂਦੀਆਂ ਹਨ।
ਇਕ ਦਿਨ ਅਚਾਨਕ ਘਰੋਂ ਬਾਹਰ ਨਿੱਕਲਿਆ ਤਾਂ ਇਕ ਨੌਜਵਾਨ ਕੁੜੀ ਮਹਿੰਦਰਾ ਦੀ SUV ਗੱਡੀ ਵਿਚ ਗੇੜਾ ਲਾਉਣ ਆਈ ਦਿਸੀ। ਮੈਨੂੰ ਉਸ ਸ਼ੀਸ਼ਾ ਥੱਲੇ ਕਰ ਆਵਾਜ਼ ਮਾਰੀ – “ਅੰਕਲ! ਮੈਂ ਕਾਰ ਤਾਂ ਨਵੀਂ ਲੈ ਆਈ ਹਾਂ, ਨਵੀਂ, ਪਰ ਮੈਨੂੰ ਬੈਕ ਗੇਅਰ ਨਹੀਂ ਲਾਉਣਾ ਆਉਂਦਾ। ਤੁਸੀਂ ਇਹ ਚਲਾਅ ਲੈੰਦੇ ਹੋ?”
ਹਾਂ, ਮੈਂ ਕਿਹਾ, ਮੈਂ ਬੈਕ ਕਰ ਦਿੰਦਾ ਹਾਂ। ਮੈਂ ਗੱਡੀ ਬੈਕ ਕਰ ਕੇ ਪੁੱਛਿਆ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਹੋ?
ਉਸ ਦੱਸਿਆ ਕਿ ਮੈਂ ਤੁਹਾਡੇ ਬਿਜਲੀ ਦਫਤਰ ਵਿਚ ਨੌਕਰੀ ‘ਤੇ ਨਵੀਂ ਆਈ ਹਾਂ।
ਕੁੜੀਆਂ ਦਾ ਇਸ ਲੈਵਲ ‘ਤੇ ਨੌਕਰੀਆਂ ਵਿਚ ਆਉਣਾ ਬੜੀ ਚੰਗੀ ਗੱਲ ਹੈ। ਪੰਜਾਬ ਦੀ ਇਹ ਤਸਵੀਰ ਦੇਖ ਮੈਨੂੰ ਬਹੁਤ ਚੰਗੀ ਲੱਗੀ।
ਇਹ ਸਾਰੀ ਗੱਲ ਇਸ ਤਰ੍ਹਾਂ ਚੇਤੇ ਆਈ ਹੈ ਕਿ ਪ੍ਰੀਤ ਲੜੀ ਦੇ ਅਗਸਤ ਅੰਕ ਦੇ ਸੰਪਾਦਕੀ ਦੀ ਹੈਡਿੰਗ ਹੈ ਕਿ –
134 ਸਾਲ ਲੱਗਣਗੇ ਦੁਨੀਆ ਵਿਚ ਨਰ ਨਾਰੀ ਦਰਮਿਆਨ ਸਮਾਜਕ ਬਰਾਬਰੀ ਲਿਆਉਣ ਨੂੰ। (ਇਹ ਇਕ ਰਿਪੋਰਟ ਬਾਰੇ ਹੈ। )
ਲੱਗਾ- ਪੰਜਾਬ ਵਿਚ ਇਹ ਬਰਾਬਰੀ ਛੇਤੀ ਆਉਂਦੀ ਨਜ਼ਰ ਆ ਰਹੀ ਹੈ।